ਕੁਝ ਸਾਲ ਪਹਿਲਾਂ ਕਿਸੇ ਆਪਨੇ ਬੰਦੇ ਨੂੰ ਕਿਸੇ ਗੋਰੇ ਦਾ ਸੇਲ ਤੇ ਲੱਗਾ ਘਰ ਦਿਖਾਉਣ ਲੈ ਗਿਆ

ਕੁਝ ਸਾਲ ਪਹਿਲਾਂ ਕਿਸੇ ਆਪਨੇ ਬੰਦੇ ਨੂੰ ਕਿਸੀ ਗੋਰੇ ਦਾ ਸੇਲ ਤੇ ਲੱਗਾ ਘਰ ਦਿਖਾਉਣ ਲੈ ਗਿਆ।

ਅੱਗੋਂ ਗੋਰਾ ਆਪਣਾ ਟਰੱਕ ਸਟਾਰਟ ਕਰ ਆਪਣੀ ਘਰ ਵਾਲੀ ਤੇ ਨਿੱਕੇ ਬਚੇ ਨਾਲ ਵਿਚ ਬੈਠਾ ਰਿਹਾ ਤਾਂ ਜੋ ਅਸੀਂ ਬਿਨਾ ਕਿਸੇ ਮੁਸ਼ਕਲ ਅਤੇ ਝਿਜਕ ਦੇ ਉਸਦਾ ਘਰ ਆਰਾਮ ਨਾਲ ਦੇਖ ਸਕੀਏ! ਜਦੋਂ ਅਸੀਂ ਉਸਦਾ ਘਰ ਦੇਖ ਆਪਣੀ ਗੱਡੀ ਵੱਲ ਨੂੰ ਤੁਰਨ ਲੱਗੇ ਤਾਂ ਗੋਰੇ ਨੇ ਮੈਨੂੰ ਪਿੱਛੋਂ ਵਾਜ ਮਾਰ ਲਈ।

ਮੈਨੂੰ ਪਾਸੇ ਕਰ ਆਖਣ ਲੱਗਾ ਕੇ ਮੇਰੇ ਘਰ ਦਾ ਗਰਮ ਪਾਣੀ ਦਾ ਟੈੰਕ ਥੋੜਾ ਥੋੜਾ ਜਿਹਾ ਲੀਕ ਹੁੰਦਾ ਹੈ ਮੈਂ ਵੀ ਅੱਜ ਹੀ ਦੇਖਿਆ ਤੇ ਦੂਜਾ, ਘਰ ਦੀ ਛੱਤ ਵੀ ਥੋੜੀ ਥੋੜੀ ਚੋਂਦੀ ਹੈ। ਪਰ ਆਖਣ ਲੱਗਾ ਕੇ ਫਿਕਰ ਵਾਲੀ ਕੋਈ ਗੱਲ ਨੀ ਜੇ ਤੁਹਾਡੇ ਨਾਲ ਸੌਦਾ ਬਣਦਾ ਹੈ ਤਾਂ ਇਹ ਦੋਨੋ ਨੁਕਸ ਠੀਕ ਕਰਾ ਕੇ ਹੀ ਆਪਣਾ ਘਰ ਸਾਡੇ ਹਵਾਲੇ ਕਰੇਗਾ! ਮੈਂ ਉਸਦਾ ਧੰਨਵਾਦ ਕਰ ਆਪਣੀ ਕਾਰ ਵਿਚ ਬੈਠਣ ਲੱਗਾ ਤਾਂ ਓਥੇ ਬੈਠਾ ਆਪਣਾ ਭਾਈ ਪੁੱਛਣ ਲੱਗਾ ਕੇ ਭਾਜੀ ਕੀ ਆਖਦਾ ਸੀ ਗੋਰਾ ਤੁਹਾਨੂੰ ਅੱਡ ਕਰਕੇ?

ਮੈਂ ਆਖਿਆ ਭਰਾਵਾਂ ਆਪਨੇ ਘਰ ਦੇ ਦੋ ਵੱਡੇ ਨੁਕਸ ਦੱਸ ਰਿਹਾ ਸੀ ਜਿਹੜੇ ਉਸਨੇ ਖੁਦ ਵੀ ਅੱਜ ਹੀ ਨੋਟ ਕੀਤੇ ਨੇ! ਅੱਗੋਂ ਮਜਾਕ ਜਿਹੇ ਨਾਲ ਸਿਰ ਮਾਰ ਆਖਣ ਲੱਗਾ ਕੇ ਭਾਜੀ ਵੈਸੇ ਗੋਰੇ ਹੁੰਦੇ ਬੜੇ ਪਾਗਲ ਹੀ ਨੇ। ਜਿਹੜੇ ਨੁਕਸ ਸਾਨੂੰ ਨੀ ਦਿਸੇ ਓਹੀ ਸਾਨੂੰ ਆਪ ਖੁਦ ਹੀ ਦੱਸੀ ਜਾ ਰਿਹਾ, ਇਸ ਹਿਸਾਬ ਨਾਲ ਇਹ ਵੇਚ ਚੁੱਕਾ ਘਰ ਆਪਣਾ।

ਲੋਕੀ ਆਪਣੇ ਢੱਕਣ ਢੱਕਦੇ ਨੇ ਤੇ ਇਹ ਪਾਗਲ ਆਪਣਾ ਝੱਗਾ ਆਪੇ ਹੀ ਚੁੱਕੀ ਜਾਂਦਾ ਏ। ਮੈਂ ਲੰਮਾ ਸਾਹ ਭਰ ਆਖਿਆ ਕੇ ਵੀਰਾ ਅਸੀਂ ਦੋਵੇਂ ਉਸ ਗੋਰੇ ਦੇ ਘਰ ਤਕਰੀਬਨ ਪੰਦਰਾਂ ਮਿੰਟ ਰਹੇ ਹਾਂ। ਉਸਦੇ ਘਰ ਦੀ ਕੱਲੀ ਕੱਲੀ ਨੁੱਕਰ ਤੇ ਹਰੇਕ ਖੂੰਜਾ ਧਿਆਨ ਨਾਲ ਦੇਖਿਆ, ਪਰ ਇੱਕ ਗੱਲ ਤਾਂ ਦੱਸ ਤੂੰ ਗੋਰੇ ਦੇ ਸਾਰੇ ਘਰ ਵਿਚ ਕੋਈ ਜੀਸਸ ਕ੍ਰਾਇਸ੍ਟ ਜਾ ਕਿਸੇ ਹੋਰ ਸੰਤ ਬਾਬੇ ਦੀ ਇੱਕ ਵੀ ਫੋਟੋ ਟੰਗੀ ਹੋਈ ਦੇਖੀ ਏ?

ਕਹਿੰਦਾ ਨਹੀਂ ਭਾਜੀ ਮੈਨੂੰ ਤੇ ਕੋਈ ਫੋਟੋ ਜਾ ਕਰਾਸ ਟੰਗਿਆ ਨਹੀਂ ਦਿਸਿਆ। ਮੈ ਕਿਹਾ ਫੇਰ ਏਹਦਾ ਮਤਲਬ ਇਹ ਹੋਇਆ ਕੇ ਉਹ ਗੋਰਾ ਪੱਕਾ ਨਾਸਤਿਕ ਸੀ ਪਰ ਅਸਲ ਵਿਚ ਉਸਨੇ ਆਪਣੇ ਘਰ ਦੇ ਦੋ ਵੱਡੇ ਨੁਕਸ ਏਡੀ ਇਮਾਨਦਾਰੀ ਨਾਲ ਸਾਨੂੰ ਦੱਸ ਇਹ ਸਾਬਿਤ ਕਰ ਦਿੱਤਾ ਕੇ ਓਹ ਸਾਡੇ ਵਰਗੇ ਓਹਨਾ ਅਖੌਤੀਆਂ ਤੋਂ ਕੀਤੇ ਜਿਆਦਾ ਧਾਰਮਿਕ ਹੈ ਜਿਨਾ ਦੇ ਘਰਾਂ ਦੇ ਕੱਲੇ ਕੱਲੇ ਕਮਰੇ ਵਿਚ ਬਾਬੇ ਨਾਨਕ ਦੀਆਂ ਦੋ ਦੋ ਫੋਟੋਆਂ ਟੰਗੀਆਂ ਹੁੰਦੀਆਂ ਨੇ।

ਕੁਝ ਸੋਚ ਅੱਗੋਂ ਆਖਣ ਲੱਗਾ ਵੀਰ ਜੀ ਆਹ ਗੱਲ ਤੇ ਮੈਂ ਸੋਚੀ ਹੀ ਨਹੀਂ ਸੀ! ਫੇਰ ਦਫਤਰ ਤੱਕ ਦੀ ਪੰਦਰਾਂ ਮਿੰਟ ਦੀ ਵਾਟ ਮੁੱਕਣ ਤੱਕ ਨਾ ਉਹ ਮੂਹੋਂ ਕੁਝ ਬੋਲਿਆ ਤੇ ਨਾ ਹੀ ਮੈਥੋਂ ਕੋਈ ਹੋਰ ਗੱਲ ਹੋਈ। ਸ਼ਾਇਦ ਵਜੂਦ ਅੰਦਰ ਵੱਸਦੀ ਹੋਈ ਜਮੀਰ ਨਾਮ ਦੀ ਕੋਈ ਭਾਰੀ ਚੀਜ ਸਾਨੂੰ ਦੋਨਾਂ ਨੂੰ ਉੱਚੀ ਅਵਾਜ ਵਿਚ ਲਾਹਨਤਾਂ ਪਾ ਰਹੀ ਸੀ! –ਹਰਪ੍ਰੀਤ ਸਿੰਘ ਜਵੰਦਾ।

Leave a Reply

Your email address will not be published. Required fields are marked *